ਮੋਦੀ ਤੇ ਖੱਟਰ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਜਲੰਧਰ, (ਵਿਸ਼ਾਲ)- ਪੰਜਾਬ ਦੀਆਂ ਅੱਠ ਕਮਿਊਨਿਸਟ ਤੇ ਖੱਬੀਆਂ ਪਾਰਟੀਆਂ ‘ਤੇ ਆਧਾਰਤ ‘ਫਾਸ਼ੀਵਾਦ ਵਿਰੁੱਧੀ ਫਰੰਟ’ ਦੀ ਵਿਸ਼ਾਲ ਸੂਬਾਈ ਕਨਵੈਨਸ਼ਨ ‘ਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਦੇਸ਼ ਦੀ ਸਮੁੱਚੀ ਕਿਸਾਨੀ ਖਾਸਕਰ ਪੰਜਾਬ ਤੇ ਹਰਿਆਣੇ ਦੇ ਬਹਾਦਰ ਕਿਸਾਨਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਤੇ ਸ਼ਾਨਾਮੱਤੇ ਜਨਤਕ ਖਾੜਕੂ ਸੰਘਰਸ਼ ਲਈ ਨਿੱਘੀਆਂ ਵਧਾਈਆਂ ਤੇ ਸ਼ੁਭ ਇੱਛਾਵਾਂ ਭੇਜੀਆਂ ਗਈਆਂ । ਮਤੇ ਵਿੱਚ ਕਿਹਾ ਗਿਆ ਕਿ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਤੇ ਆਮ ਖਪਤਕਾਰਾਂ ਨਾਲ ਸਬੰਧਤ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਜਿਸ ਬਹਾਦਰੀ ,ਜੋਸ਼ ਤੇ ਇਨਕਲਾਬੀ ਅਨੁਸ਼ਾਸਨ ਦਾ ਪਰਚਮ ਲਹਿਰਾਉਣ ਦੇ ਲੱਖਾਂ ਕਿਸਾਨਾਂ ਨੇ ਦੇਸ਼ ਦੀ ਰਾਜਧਾਨੀ ਨੂੰ ਚਹੁੰ ਦਿਸ਼ਾਵਾਂ ਤੋਂ ਘੇਰਿਆ ਹੈ ਤੇ ਯੂਪੀ ਦੀ ਯੋਗੀ ਸਰਕਾਰ ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਵਰਤੇ ਹਰ ਕਿਸਮ ਦੇ ਘਟੀਆ ਹਥਕੰਡਿਆਂ ਨੂੰ ਚਕਨਾਚੂਰ ਕਰਦਿਆਂ ਰਾਜਧਾਨੀ ਵੱਲ ਨੂੰ ਕੂਚ ਕੀਤਾ ਹੈ , ਕਿਸਾਨਾਂ ਦੇ ਇਸ ਸੰਘਰਸ਼ ਨੇ ਦੇਸ਼ ਦੀ ਜਮਹੂਰੀ ਲਹਿਰ ਦੇ ਇਤਿਹਾਸ ‘ਚ ਇਕ ਸੁਨਹਿਰੀ ਪੰਨਾ ਜੋੜ ਦਿੱਤਾ ਹੈ। ਕਨਵੈਨਸ਼ਨ ‘ਚ ਪਾਸ ਕੀਤੇ ਗਏ ਇਕ ਹੋਰ ਮਤੇ ਰਾਹੀਂ ਕੇਂਦਰ ਦੀ ਭਾਜਪਾ ਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਹੁਕਮਾਂ ‘ਤੇ ਜਿਸ ਵਹਿਸ਼ੀ ਢੰਗ ਨਾਲ ਪੁਲਿਸ ਤੇ ਦੂਸਰੇ ਅਰਧ ਸੈਨਿਕ ਬਲਾਂ ਨੇ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਵੱਲ ਨੂੰ ਵੱਲ ਜਾ ਰਹੇ ਕਿਸਾਨਾ ਉੱਪਰ ਟੀਅਰ ਗੈਸ ਦੇ ਗੋਲਿਆਂ ਦਾ ਮੀਂਹ ਵਰਸਾਇਆ ਹੈ ਤੇ ਪਾਣੀ ਦੀਆਂ ਬੁਛਾੜਾਂ ਨਾਲ ਦੇਸ਼ ਦੇ ਅੰਨਦਾਤੇ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ, ਉਸ ਨੇ ਫਿਰਕੂ ਫਾਸ਼ੀਵਾਦੀ ਭਾਜਪਾ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਲੋਕ ਵਿਰੋਧੀ ਤੇ ਅਮਾਨਵੀ ਚਿਹਰੇ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤੇ ਹਨ। ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਪਿ੍ਰਥੀਪਾਲ ਸਿੰਘ ਮਾੜੀਮੇਘਾ, ਹਰਕਮਲ ਸਿੰਘ, ਅਜਮੇਰ ਸਿੰਘ ਸਮਰਾ, ਸੁਖਦਰਸ਼ਨ ਨੱਤ, ਜਸਵੰਤ ਜ਼ੀਰਖ ,ਪਰਮਜੀਤ ਸਿੰਘ ਜ਼ੀਰਾ, ਮੰਗਤ ਰਾਮ ਲੌਂਗੋਵਾਲ ਤੇ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ ਤੇ ਸਰਵ ਸਾਥੀ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰਾ, ਕੁਲਵਿੰਦਰ ਸਿੰਘ ਵੜੈਚ, ਕਮਲਜੀਤ ਸਿੰਘ ਖੰਨਾ, ਰਾਜੇਸ਼ ਮਲਹੋਤਰਾ, ਕਿਰਨਜੀਤ ਸੇਖੋਂ, ਅਤੇ ਨਰਿੰਦਰ ਕੁਮਾਰ ਨਿੰਦੀ ਨੇ ਸੰਬੋਧਨ ਕੀਤਾ। ਕਨਵੈਨਸ਼ਨ ਤੋਂ ਬਾਅਦ ਸ਼ਹਿਰ ਅੰਦਰ ਕਿਸਾਨੀ ਦੇ ਹੱਕ ਵਿੱਚ ਅਸਮਾਨ ਗੁੰਜਾਊ ਨਾਅਰਿਆਂ ਨਾਲ ਇਕ ਸ਼ਾਨਦਾਰ ਰੋਸ ਮਾਰਚ ਕੱਿਢਆ ਗਿਆ

Translate »
क्रान्ति न्यूज लाइव - भ्रष्टाचार के खिलाफ क्रांति की मशाल