ਨਗਰ ਨਿਗਮ ਤੇ ਟ੍ਰੈਫਿਕ ਪੁਲਿਸ ਸਾਂਝੇ ਤੌਰ ‘ਤੇ ਟ੍ਰੈਫਿਕ ਸਮੱਸਿਆ ਦਾ ਕਰਨਗੇ ਹੱਲ : ਮੇਅਰ

ਜਲੰਧਰ ,(ਵਿਸ਼ਾਲ )-ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਅਤੇ ਉਸ ਤੇ ਕਾਬੂ ਪਾਉਣ ਲਈ ਅੱਜ ਤੋਂ ਸਾਂਝੀ ਮੁਹਿੰਮ ਸ਼ੁਰੂ ਕਰਨਗੇ। ਉਕਤ ਫ਼ੈਸਲਾ ਸ਼ੁੱਕਰਵਾਰ ਨੂੰ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਕੀਤਾ ਗਿਆ ਜਿਸ ਵਿਚ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਵਿਧਾਇਕ ਰਾਜਿੰਦਰ ਬੇਰੀ, ਸੰਯੁਕਤ ਕਮਿਸ਼ਨਰ ਹਰਚਰਨ ਸਿੰਘ, ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ, ਏਸੀਪੀ ਐੱਚਐੱਸ ਭੱਲਾ ਅਤੇ ਏਸੀਪੀ ਸੈਂਟਰਲ ਹਰਸਿਮਰਨ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਅਧਿਕਾਰੀ ਅਤੇ ਕੌਂਸਲਰ ਬੰਟੀ ਨੀਲਕੰਠ, ਮਨਮੋਹਨ ਸਿੰਘ ਰਾਜੂ, ਸ਼ਮਸ਼ੇਰ ਸਿੰਘ ਖਹਿਰਾ ਬਲਰਾਜ ਠਾਕੁਰ ਆਦਿ ਨੇ ਵੀ ਹਿੱਸਾ ਲਿਆ। ਮੀਟਿੰਗ ਵਿਚ ਸ਼ਹਿਰ ‘ਚ ਵਧ ਰਹੀ ਟ੍ਰੈਫਿਕ ਸਮੱਸਿਆ ‘ਤੇ ਵਿਚਾਰ ਕੀਤਾ ਗਿਆ। ਖ਼ਾਸ ਕਰ ਕੇ ਜੋਤੀ ਚੌਕ ਵਿਚ ਲੱਗਣ ਵਾਲੇ ਰੋਜ਼ਾਨਾ ਜਾਮ ਨੂੰ ਗੰਭੀਰਤਾ ਨਾਲ ਲਿਆ ਗਿਆ। ਮੀਟਿੰਗ ਵਿਚ ਸਭ ਤੋਂ ਜ਼ਿਆਦਾ ਟ੍ਰੈਫਿਕ ਸਮੱਸਿਆ ਸੈਂਟਰਲ ਵਿਧਾਨ ਸਭਾ ਹਲਕੇ ਵਿਚ ਹੋਣ ‘ਤੇ ਚਰਚਾ ਕੀਤੀ ਗਈ। ਮੀਟਿੰਗ ‘ਚ ਰਾਮਾ ਮੰਡੀ, ਲਾਡੋਵਾਲੀ ਰੋਡ, ਮਾਈ ਹੀਰਾਂਗੇਟ ਅਤੇ ਕਚਹਿਰੀ ਚੌਕ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ‘ਤੇ ਜ਼ੋਰ ਦਿੱਤਾ ਗਿਆ। ਲਾਡੋਵਾਲੀ ਰੋਡ ‘ਤੇ ਵਰਕਸ਼ਾਪਾਂ ਅਤੇ ਕਬਾੜੀਆਂ ਵੱਲੋਂ ਸੜਕ ‘ਤੇ ਕੀਤੇ ਕਬਜ਼ਿਆਂ ਕਾਰਨ ਟ੍ਰੈਫਿਕ ਸਮੱਸਿਆ ਹੈ ਜਦੋਂਕਿ ਕਚਹਿਰੀ ਚੌਕ ਵਿਚ ਕਾਰਾਂ ਦੀਆਂ ਵਰਕਸ਼ਾਪਾਂ ਅਤੇ ਡੈਂਟਿੰਗ ਪੇਂਟਿੰਗ ਦੇ ਕੰਮ ਹੋਣ ਕਾਰਨ ਵਧੇਰੀਆਂ ਗੱਡੀਆਂ ਸੜਕ ‘ਤੇ ਖੜ੍ਹੀਆਂ ਰਹਿਣ ਕਾਰਨ ਉਥੇ ਟ੍ਰੈਫਿਕ ਸਮੱਸਿਆ ਬਣੀ ਰਹਿੰਦੀ ਹੈ। ਉਕਤ ਸਮੱਸਿਆ ਨੂੰ ਹੱਲ ਕਰਨ ਲਈ ਕੱਲ੍ਹ ਤੋਂ ਨਿਗਮ ਅਤੇ ਟ੍ਰੈਫਿਕ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਕੱਲ੍ਹ ਸ਼ਨਿਚਰਵਾਰ ਤੋਂ ਸਾਂਝੀ ਕਾਰਵਾਈ ਸ਼ੁਰੂ ਹੋ ਜਾਵੇਗੀ। ਡੀਸੀਪੀ ਨਰੇਸ਼ ਡੋਗਰਾ ਨੇ ਮੀਟਿੰਗ ‘ਚ ਦਾਅਵਾ ਕੀਤਾ ਕਿ ਹਫ਼ਤੇ ਅੰਦਰ ਸਾਰੀ ਟ੍ਰੈਫਿਕ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ

Translate »
क्रान्ति न्यूज लाइव - भ्रष्टाचार के खिलाफ क्रांति की मशाल