ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਡਾ. ਤਲਵਾਰ

ਜਲੰਧਰ,(ਵਿਸ਼ਾਲ )- ਜੇਕਰ ਆਉਣ ਵਾਲੇ ਦਿਨਾਂ ਵਿਚ ਸੂਬੇ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਉਂਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰਗਟਾਵਾ ਸਲਾਹਕਾਰ ਸਿਹਤ, ਡਾਕਟਰੀ ਸਿੱਖਿਆ ਅਤੇ ਖੋਜ ਡਾ. ਕੇ ਕੇ ਤਲਵਾੜ ਨੇ ਸ਼ੁੱਕਰਵਾਰ ਨੂੰ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਅਤੇ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ 51 ਪ੍ਰਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਾ. ਕੇ ਕੇ ਤਲਵਾੜ ਨੇ ਕਿਹਾ ਕਿ ਪੰਜਾਬ ਨੇ ਅੱਠ ਮਹੀਨਿਆਂ ਦੀ ਮਿਆਦ ਦੌਰਾਨ ਇਸ ਮਾਰੂ ਵਾਇਰਸ ਦੀ ਪਹਿਲੀ ਲਹਿਰ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਹੁਣ ਜੇ ਦੂਜੀ ਲਹਿਰ ਆਉਂਦੀ ਹੈ, ਤਾਂ ਅਸੀਂ ਵਾਇਰਸ ਨਾਲ ਨਜਿੱਠਣ ਲਈ ਬਿਹਤਰ ਸਥਿਤੀ ਵਿਚ ਹੋਵਾਂਗੇ ਕਿਉਂਕਿ ਹੁਣ ਸਾਡੇ ਪਾਸ ਸਿਹਤ ਸਬੰਧੀ ਮਜ਼ਬੂਤ ਬੁਨਿਆਦੀ ਢਾਂਚਾ, ਮਨੁੱਖੀ ਸ਼ਕਤੀ, ਬਿਹਤਰ ਆਈਸੀਯੂ ਸੁਵਿਧਾਵਾਂ, ਵੈਂਟੀਲੇਟਰ, ਆਕਸੀਜਨ ਅਤੇ ਹੋਰ ਸੁਵਿਧਾਵਾਂ ਉਪਲਬਧ ਹਨ। ਪੰਜਾਬ ਸਰਕਾਰ ਕੋਰੋਨਾ ਵਾਇਰਸ ਤੋਂ ਹਰ ਕੀਮਤੀ ਜਾਨ ਨੂੰ ਬਚਾਉਣ ਲਈ ਵਚਨਬੱਧ ਹੈ ਅਤੇ ਇਸ ਵਾਰ ਪੰਜਾਬ ਵਿਚ ਪਹਿਲੀ ਲਹਿਰ ਤੋਂ ਸਿੱਖੇ ਬਿਹਤਰੀਨ ਮੈਡੀਕਲ ਅਭਿਆਸਾਂ ਨੂੰ ਸਰਕਾਰੀ ਤੇ ਪ੍ਰਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਸਾਂਝਾ ਕਰ ਕੇ ਲੈਵਲ-3 ਦੇ ਮਰੀਜ਼ਾਂ ਲਈ ਸਮਰਪਿਤ ਆਈਸੀਯੂ ਸੁਵਿਧਾਵਾਂ ਨੂੰ ਯਕੀਨੀ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪ੍ਰਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਗੋਲਡਨ ਪੀਰੀਅਡ (ਇਕ ਹਫ਼ਤੇ) ਦੌਰਾਨ ਲੈਵਲ-2 ਦੇ ਮਰੀਜ਼ਾਂ ਦੇ ਮਿਆਰੀ ਇਲਾਜ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਉਹ ਲੈਵਲ-3 ਵਿਚ ਤਬਦੀਲ ਨਾ ਹੋਣ ਤੇ ਪਹਿਲੇ ਪੜਾਅ ‘ਤੇ ਠੀਕ ਹੋ ਸਕਣ।ਸਲਾਹਕਾਰ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਸੰਸਥਾਵਾਂ ‘ਚ ਆਉਣ ਵਾਲੇ ਹਰੇਕ ਮਰੀਜ਼ ਦਾ ਇਲਾਜ ਸਹੀ ਢੰਗ ਕਰਨ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਉਹ ਬਿਨਾਂ ਿਝਜਕ ਉਨ੍ਹਾਂ ਨਾਲ ਜਾਂ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਪ੍ਰਰਾਈਵੇਟ ਹਸਪਤਾਲਾਂ ਨੂੰ ਲੋਕਾਂ ‘ਚ ਮਾਸਕ ਵੰਡਣ ਦੀ ਮੁਹਿੰਮ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਵਰਤਮਾਨ ਸਮੇਂ ਵਿਚ ਮਾਸਕ ਪਹਿਨਣ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਾਸਕ ਇਕੋ-ਇਕ ਵੈਕਸੀਨ ਹੈ।ਜਾਪਾਨ, ਹਾਂਗਕਾਂਗ ਵਰਗੇ ਦੇਸ਼, ਜਿਥੇ ਕੋਵਿਡ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਕਿਉਂਕਿ ਲੋਕਾਂ ਨੇ ਚਿਹਰੇ ਦੇ ਮਾਸਕ ਸੱਭਿਆਚਾਰ ਨੂੰ ਅਪਣਾਇਆ, ਦਾ ਜ਼ਿਕਰ ਕਰਦਿਆਂ ਡਾ. ਤਲਵਾੜ ਨੇ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਐੱਸਐੱਮਐੱਸ (ਸਮਾਜਿਕ ਦੂਰੀ, ਮਾਸਕ ਅਤੇ ਸੈਨੀਟਾਈਜ਼ੇਸ਼ਨ) ਦੇ ਸਿਧਾਂਤ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਪੰਜਾਬ ਵਿਚ ਕੋਵਿਡ ਨੂੰ ਕੰਟਰੋਲ ਕੀਤਾ ਜਾ ਸਕੇ। ਲੋਕਾਂ ਨੂੰ ਜ਼ੁਕਾਮ ਵਰਗੇ ਲੱਛਣ ਹੋਣ ‘ਤੇ ਤੁਰੰਤ ਆਰਟੀਪੀਸੀਆਰ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕੇ ਅਤੇ ਮੌਤ ਦਰ ਨੂੰ ਘਟਾਇਆ ਜਾ ਸਕੇ।ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਤਨੂੰ ਕਸ਼ਯਪ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਵੱਡੇ ਪੱਧਰ ‘ਤੇ ਐੱਮਬੀਬੀਐੱਸ ਡਾਕਟਰਾਂ, ਮਾਹਰਾਂ, ਨਰਸਿੰਗ ਸਟਾਫ, ਲੈਬ ਟੈਕਨੀਸੀਅਨ ਤੇ ਹੋਰਨਾਂ ਦੀ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਜੋ ਕਿ ਰਾਜ ਵਿਚ ਮਹਾਮਾਰੀ ਨਾਲ ਨਜਿੱਠਣ ਲਈ ਸਹਾਇਕ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਵਿਚਲਾ ਸਿਹਤ ਸਬੰਧੀ ਬੁਨਿਆਦੀ ਢਾਂਚਾ ਪਹਿਲਾਂ ਹੀ ਸੁਧਾਰਿਆ ਜਾ ਚੁੱਕਾ ਹੈ ਅਤੇ ਜਲਦੀ ਹੀ ਉਥੇ ਆਕਸੀਜਨ ਉਤਪਾਦਨ ਪਲਾਂਟ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਮੌਜੂਦ ਪਤਵੰਤਿਆ ‘ਚ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐੱਸਡੀਐੱਮ ਰਾਹੁਲ ਸਿੰਧੂ, ਡਾ. ਜੈ ਇੰਦਰ ਸਿੰਘ, ਡੀਐੱਮਸੀ ਡਾ. ਬਿਸ਼ਵ ਮੋਹਨ, ਪੀਜੀਆਈਐਮਈਆਰ ਐੱਮਡੀ ਐਨੇਸਥੀਸੀਆ ਅਤੇ ਐਸੋਸੀਏਟ ਪ੍ਰਰੋਫੈਸਰ ਡਾ. ਕਮਲ ਕਾਜਲ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਮਾਂਗਟ, ਐੱਸਐੱਮਓ ਡਾ. ਕਸ਼ਮੀਰੀ ਲਾਲ, ਡਾ. ਪਰਮਜੀਤ ਸਿੰਘ ਤੇ ਹੋਰ ਸ਼ਾਮਲ ਸਨ।

Leave a Reply

Your email address will not be published. Required fields are marked *

Translate »
क्रान्ति न्यूज - भ्रष्टाचार के खिलाफ क्रांति की मशाल