ਸਕੂਲ ਖੁੱਲ੍ਹੇ, ਨਾਮਾਤਰ ਹੀ ਆਏ ਵਿਦਿਆਰਥੀ

ਜਲੰਧਰ (ਵਿਸ਼ਾਲ ) ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਸੱਤ ਮਹੀਨੇ ਤੋਂ ਬੰਦ ਪਏ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਸਕੂਲ ਅੱਜ ਖੁੱਲ੍ਹ ਗਏ ਪਰ ਸਕੂਲਾਂ ਵਿਚ ਨਾਮਾਤਰ ਵਿਦਿਆਰਥੀ ਹੀ ਪੁੱਜੇ। ਕਈ ਸਕੂਲਾਂ ਵਿਚ ਕੋਈ ਵੀ ਵਿਦਿਆਰਥੀ ਨਹੀਂ ਆਇਆ ਜਦੋਂਕਿ ਅਧਿਆਪਕ ਉਨ੍ਹਾਂ ਦੀ ਉਡੀਕ ਵਿਚ ਗੇਟ ਉੱਪਰ ਨਜ਼ਰਾਂ ਲਾਈ ਬੈਠੇ ਸਨ। ਸਿੱਖਿਆ ਵਿਭਾਗ ਤੋਂ ਪ੍ਰਰਾਪਤ ਕੀਤੀ ਜਾਣਕਾਰੀ ਅਨੁਸਾਰ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਅੱਜ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਸਿਰਫ਼ 10 ਫੀਸਦੀ ਵਿਦਿਆਰਥੀ ਹੀ ਪੁੱਜੇ ਜਦੋਂਕਿ ਸਿੱਖਿਆ ਵਿਭਾਗ ਤੇ ਸਕੂਲ ਮੁਖੀਆਂ ਵੱਲੋਂ ਵਿਦਿਆਰਥੀਆਂ ਦੀ ਨੂੰ ਆਮਦ ਨੂੰ ਦੇਖਦੇ ਹੋਏ ਸਿਹਤ ਨਿਯਮਾਂ ਤਹਿਤ ਪੂਰੀ ਤਿਆਰ ਕੀਤੀ ਗਈ ਸੀ। ਸਕੂਲਾਂ ਵਿਚ ਵਿਦਿਆਰਥੀਆਂ ਦੀ ਨਾਮਾਤਰ ਆਮਦ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਲੋਕਾਂ ਵਿਚ ਹਾਲੇ ਕੋਰੋਨਾ ਵਾਇਰਸ ਮਹਾਮਾਰੀ ਦੀ ਦਹਿਸ਼ਤ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਵਿਚ ਰੁਚੀ ਨਹੀਂ ਦਿਖਾ ਰਹੇ। ਇੱਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸਕੂਲ ਖੋਲ੍ਹੇ ਗਏ ਸਨ ਅਤੇ ਹਾਲ ਦੀ ਘੜੀ ਸਿਰਫ ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਹਰਵੀਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ। ਸਰਕਾਰ ਤੇ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਹਿਮਤੀ ਪੱਤਰ ਭੇਜੇ ਸਨ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਇੱਛੁਕ ਹਨ, ਉਹ ਸਹਿਮਤੀ ਪੱਤਰ ਉਪਰ ਦਸਤਖਤ ਕਰਕੇ ਦੇਣ ਕਿ ਬੱਚੇ ਦੀ ਸਿਹਤ ਸੁਰੱਖਿਆ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ। ਵਿਦਿਆਰਥੀਆਂ ਦੀ ਘੱਟ ਹਾਜ਼ਰੀ ਦਾ ਇਕ ਵੱਡਾ ਕਾਰਨ ਇਹ ਵੀ ਰਿਹਾ ਹੈ। ਜ਼ਿਲ੍ਹੇ ਭਰ ‘ਚੋਂ ਵੱਖ-ਵੱਖ ਇਲਾਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਅਧਿਆਪਕ ਤਾਂ ਸਮੇਂ ਸਿਰ ਪੁੱਜ ਗਏ ਪਰ ਵਿਦਿਆਰਥੀਆਂ ਦੀ ਆਮਦ ਹੌਲੀ-ਹੌਲੀ ਹੋਈ ਅਤੇ ਨਾਮਾਤਰ ਹੀ ਆਏ। ਸਕੂਲ ਆਉਣ ਵਾਲੇ ਵਿਦਿਆਰਥੀਆਂ ਕੋਲੋਂ ਸਹਿਮਤੀ ਪੱਤਰ ਲੈ ਕੇ ਦਾਖਲਾ ਦਿੱਤਾ ਗਿਆ ਅਤੇ ਕਲਾਸ ਵਿਚ ਭੇਜਣ ਤੋਂ ਪਹਿਲਾਂ ਵਿਦਿਆਰਥੀ ਦਾ ਮਾਸਕ ਦੇਖਿਆ ਗਿਆ, ਹੱਥ ਸੈਨੇਟਾਈਜ਼ ਕਰਵਾਏ ਗਏ ਤੇ ਤਾਪਮਾਨ ਦੀ ਥਰਮਲ ਜਾਂਚ ਵੀ ਕੀਤੀ ਗਈ। ਵਿਦਿਆਰਥੀਆਂ ਨੂੰ ਕਲਾਸਾਂ ਵਿਚ ਸਰੀਰਕ ਦੂਰੀ ਦੇ ਨਿਯਮਾਂ ਤਹਿਤ ਹੀ ਬਿਠਾਇਆ ਗਿਆ। ਇਸ ਸਬੰਧੀ ਸੰਪਰਕ ਕਰਨ ‘ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 273 ਦੇ ਕਰੀਬ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਹਨ, ਜਿਨ੍ਹਾਂ ਵਿਚ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ 54000 ਬਣਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਸਿਰਫ਼ 10 ਫੀਸਦੀ ਵਿਦਿਆਰਥੀ ਹੀ ਸਕੂਲ ਹਾਜ਼ਰ ਹੋਏ ਅਤੇ ਪੜ੍ਹਾਈ ਦੌਰਾਨ ਸਰੀਰਕ ਦੂਰੀ ਤੇ ਹੋਰ ਸਿਹਤ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਵਾਇਆ ਗਿਆ। ਡੀਈਓ ਨੇ ਕਿਹਾ ਕਿ ਉਮੀਦ ਹੈ ਕਿ ਅਗਲੇ ਦਿਨਾਂ ਦੌਰਾਨ ਵਿਦਿਆਰਥੀਆਂ ਦੀ ਹਾਜ਼ਰੀ ਵਧੇਗੀ

Translate »
क्रान्ति न्यूज लाइव - भ्रष्टाचार के खिलाफ क्रांति की मशाल